Saturday, December 1, 2018

ਕੈਪਟਨ ਅਮਰਿੰਦਰ ਸਿੰਘ ਵੀ ਬਾਦਲ ਵਾਂਗ ਨਿੱਜੀ ਖੰਡ ਮਿੱਲ ਮਾਫ਼ੀਆ ਅੱਗੇ ਝੁਕੇ -ਆਪ

              ਕੈਪਟਨ ਅਮਰਿੰਦਰ ਸਿੰਘ ਵੀ ਬਾਦਲ ਵਾਂਗ ਨਿੱਜੀ ਖੰਡ ਮਿੱਲ ਮਾਫ਼ੀਆ ਅੱਗੇ ਝੁਕੇ -ਆਪ
ਗੰਨਾ ਕਾਸ਼ਤਕਾਰਾਂ ਨਾਲ ਕੀਤੇ ਜਾ ਰਹੇ ਧੱਕੇ  ਵਿਰੁੱਧ ਕੁਲਦੀਪ ਧਾਲੀਵਾਲ ਸਮੇਤ ‘ਆਪ’ ਆਗੂ ਕਾਂਗਰਸ ਸਰਕਾਰ ‘ਤੇ ਵਰੇ

ਅੰਮਿ੍ਰਤਸਰ, 1 ਦਸੰਬਰ 2018  
    ਪੰਜਾਬ ਦੀਆਂ ਪ੍ਰਾਈਵੇਟ ਖੰਡ ਮਿੱਲ ਵੱਲੋਂ ਸੂਬੇ ਦੇ ਗੰਨਾਂ ਕਾਸ਼ਤਕਾਰਾਂ ਨੂੰ ਗੰਨੇ ਦੀ ਸਟੇਟ ਐਡਵਾਈਜ਼ਰੀ ਪ੍ਰਾਈਸ (ਐਸਏਪੀ) ਵੱਲੋਂ ਤਹਿ 310 ਪ੍ਰਤੀ ਕਵਿੰਟਲ ਦੇਣ ਤੋਂ ਕੀਤੇ ਜਾ ਰਹੇ ਇਨਕਾਰ ਦਾ ਤਿੱਖਾ ਵਿਰੋਧ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਪਿਛਲੀ ਬਾਦਲ ਸਰਕਾਰ ਵਾਂਗ ਪ੍ਰਾਈਵੇਟ ਖੰਡ ਮਿੱਲ ਮਾਫ਼ੀਆ ਅੱਗੇ ਗੋਡੇ ਟੇਕ ਦਿੱਤੇ ਹਨ।
    ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਅੰਮਿ੍ਰਤਸਰ ਤੋਂ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਡਾ. ਰਵਜੋਤ ਅਤੇ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਸਿਰਫ਼ ਅੱਧੀ ਦਰਜਨ ਖੰਡ ਮਿਲ ਘਰਾਣਿਆਂ ਅੱਗੇ ਝੁਕਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਉਨਾਂ ਲੱਖਾਂ ਗੰਨਾਂ ਕਾਸ਼ਤਕਾਰਾਂ ਨੂੰ ਧੋਖਾ ਦੇ ਰਹੀ ਹੈ। ਜਿੰਨਾ ਨੇ ਬੜੀ ਉਮੀਦ ਨਾਲ ਕਾਂਗਰਸ ਦੀ ਸਰਕਾਰ ਚੁਣੀ ਸੀ।
    ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਪ੍ਰਤੀ ਕਵਿੰਟਲ 275 ਰੁਪਏ ਮਿਨੀਮਮ ਸਟੇਚੁਰੀ ਪ੍ਰਾਈਸ (ਐਮਐਸਪੀ) ਅਤੇ ਪੰਜਾਬ ਸਰਕਾਰ ਦੇ ਸ਼ੂਗਰਕੇਨ ਕੰਟਰੋਲ ਬੋਰਡ ਵੱਲੋਂ ਨਿਰਧਾਰਿਤ ਕੀਤੀ 310 ਰੁਪਏ ਪ੍ਰਤੀ ਕਵਿੰਟਲ ਕੀਮਤ ਦਰਮਿਆਨ 35 ਰੁਪਏ ਪ੍ਰਤੀ ਕਵਿੰਟਲ ਦਾ ਵੱਡਾ ਫ਼ਰਕ ਹੈ ਅਤੇ ਪ੍ਰਾਈਵੇਟ ਖੰਡ ਮਿਲ ਮਾਲਕ ਪ੍ਰਤੀ ਕਵਿੰਟਲ 35 ਰੁਪਏ ਹੜੱਪਣ ਦੀ ਕੋਸ਼ਿਸ਼ ‘ਚ ਹਨ। ਉਨਾਂ ਦੋਸ਼ ਲਗਾਇਆ ਕਿ ਸਰਕਾਰ ਦੀ ਸ਼ਹਿ ਤੋਂ ਬਗੈਰ ਪ੍ਰਾਈਵੇਟ ਖੰਡ ਮਿੱਲਰ ਇਹ ਹਮਾਕਤ ਨਹੀਂ ਕਰ ਸਕਦੇ ਕਿ ਉਹ ਐਸਏਪੀ ਵੱਲੋਂ ਨਿਰਧਾਰਿਤ ਕੀਮਤ ਨਾ ਦੇਣ ਲਈ ਇਸ ਸੀਜ਼ਨ ਦੀ ਪਿੜਾਈ ਹੀ ਨਾ ਸ਼ੁਰੂ ਕਰਨ ਦੀ ਧਮਕੀ ਦੇਣ।
    ਡਾ. ਰਵਜੋਤ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ 9 ਪ੍ਰਾਈਵੇਟ ਖੰਡ ਮਿੱਲਾਂ ਅੱਗੇ ਝੁਕਣ ਦੀ ਥਾਂ ਪੰਜਾਬ ਦੀਆਂ 7 ਸਹਿਕਾਰੀ ਖੰਡ ਮਿੱਲਾਂ ਦੀ ਪਿੱਠ ਥਾਪੜਨ ਅਤੇ ਤੁਰੰਤ ਬਣਦੀ ਵਿੱਤੀ ਰਾਸ਼ੀ ਜਾਰੀ ਕਰਨ ਤਾਂ ਕਿ ਸੂਬੇ ਦੇ ਕਿਸਾਨਾਂ ਦੀ ਪ੍ਰਾਈਵੇਟ ਖੰਡ ਮਿੱਲਾਂ ‘ਤੇ ਨਿਰਭਰਤਾ ਹੀ ਨਾ ਰਹੇ। ਇਸ ਲਈ ਇਹ ਮੁੱਦਾ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਤੌਰ ‘ਤੇ ਤੇਜ਼ਾਬੀ ਪ੍ਰੀਖਿਆ ਹੈ।
    ਸ਼ੈਰੀ ਕਲਸੀ ਨੇ ਨਾਲ ਹੀ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪ੍ਰਾਈਵੇਟ ਖੰਡ ਮਿੱਲ ਮਾਫ਼ੀਆ ਅੱਗੇ ਝੁਕਦੇ ਹਨ ਤਾਂ ਪੰਜਾਬ ਸ਼ੂਗਰਕੇਨ ਐਕਟ ਦੇ ਅਧੀਨ ਕੰਮ ਕਰਦੇ ਸ਼ੂਗਰਕੇਨ ਕੰਟਰੋਲ ਬੋਰਡ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ ਅਤੇ ਸੂਬੇ ਨੂੰ ਖ਼ਜ਼ਾਨੇ ‘ਤੇ ਪ੍ਰਤੀ ਸਾਲ ਕਰੋੜਾਂ ਰੁਪਏ ‘ਚ ਪੈਂਦੀ ਸ਼ੂਗਰਕੇਨ ਕੰਟਰੋਲ ਬੋਰਡ ਦੀ ਡਰਾਮੇਬਾਜ਼ੀ ਬੰਦ ਕੀਤੀ ਜਾਵੇ।
    ਉਨਾਂ ਅਕਾਲੀ ਦਲ ਵੱਲੋਂ ਗੰਨਾਂ ਕਾਸ਼ਤਕਾਰਾਂ ਲਈ ਦਿੱਤੇ ਜਾ ਰਹੇ ਧਰਨਿਆਂ ਨੂੰ ਮਹਿਜ ਮਗਰਮੱਛ ਦੇ ਹੰਝੁ ਕਰਾਰ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਮਾਫੀਆ ਨੂੰ ਸ਼ਹਿ ਜਾਰੀ ਰੱਖੀ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਅਤੇ ਗੰਨਾ ਕਾਸ਼ਤਕਾਰਾਂ ਦੇ ਘਰ-ਘਰ ਜਾ ਕੇ ਦੱਸੇਗੀ ਕਿ 9 ਪ੍ਰਾਈਵੇਟ ਖੰਡ ਮਿੱਲਾਂ ‘ਚ ਕਿੰਨੀਆਂ ਦੇ ਮਾਲਕ ਅਕਾਲੀ ਅਤੇ ਕਿੰਨੀਆਂ ਦੇ ਮਾਲਕ ਕਾਂਗਰਸੀ ਹਨ।          

No comments:

Post a Comment